50
1 ਯੂਸੁਫ਼ ਆਪਣੇ ਪਿਤਾ ਦੇ ਮੂੰਹ ਉੱਤੇ ਡਿੱਗ ਕੇ ਰੋਇਆ ਅਤੇ ਉਸ ਨੂੰ ਚੁੰਮਿਆ । 2 ਫੇਰ ਯੂਸੁਫ਼ ਨੇ ਆਪਣੇ ਸੇਵਕਾਂ ਨੂੰ ਅਰਥਾਤ ਵੈਦਾਂ ਨੂੰ ਆਗਿਆ ਦਿੱਤੀ, ਕਿ ਉਹ ਉਸ ਦੇ ਪਿਤਾ ਵਿੱਚ ਸੁਗੰਧੀਆਂ ਭਰਨ ਇਸ ਲਈ ਉਨ੍ਹਾਂ ਵੈਦਾਂ ਨੇ ਇਸਰਾਏਲ ਵਿੱਚ ਸੁਗੰਧੀਆਂ ਭਰੀਆਂ । 3 ਅਤੇ ਜਦ ਉਸ ਦੇ ਚਾਲ੍ਹੀ ਦਿਨ ਪੂਰੇ ਹੋ ਗਏ, ਕਿਉਂ ਜੋ ਇਸੇ ਤਰ੍ਹਾਂ ਹੀ ਉਹ ਸੁਗੰਧੀਆਂ ਭਰਨ ਦੇ ਦਿਨ ਪੂਰੇ ਕਰਦੇ ਹੁੰਦੇ ਸਨ ਅਤੇ ਮਿਸਰੀ ਉਸ ਦੇ ਲਈ ਸੱਤਰ ਦਿਨ ਵਿਰਲਾਪ ਕਰਦੇ ਰਹੇ । 4 ਅਤੇ ਜਦ ਵਿਰਲਾਪ ਦੇ ਦਿਨ ਬੀਤ ਗਏ, ਤਦ ਯੂਸੁਫ਼ ਨੇ ਫ਼ਿਰਊਨ ਦੇ ਘਰਾਣੇ ਨੂੰ ਇਹ ਗੱਲ ਆਖੀ, ਕਿ ਜੇ ਮੇਰੇ ਉੱਤੇ ਤੁਹਾਡੀ ਕਿਰਪਾ ਦੀ ਨਿਗਾਹ ਹੈ ਤਾਂ ਮੇਰੀ ਇਹ ਗੱਲ ਫ਼ਿਰਊਨ ਨੂੰ ਬੋਲੋ, 5 ਮੇਰੇ ਪਿਤਾ ਨੇ ਮੈਥੋਂ ਇਹ ਸਹੁੰ ਲਈ ਸੀ ਕਿ ਵੇਖ ਮੈਂ ਮਰਨ ਵਾਲਾ ਹਾਂ, ਮੈਨੂੰ ਉਸ ਕਬਰ ਵਿੱਚ ਜਿਸ ਨੂੰ ਮੈਂ ਆਪਣੇ ਲਈ ਕਨਾਨ ਦੇਸ਼ ਵਿੱਚ ਪੁੱਟਿਆ ਸੀ ਦੱਬੀਂ, ਇਸ ਲਈ ਹੁਣ ਮੈਨੂੰ ਉੱਥੇ ਜਾ ਕੇ ਆਪਣੇ ਪਿਤਾ ਨੂੰ ਦਫ਼ਨਾਉਣ ਦੀ ਇਜਾਜ਼ਤ ਦੇਵੇ ਅਤੇ ਇਸ ਤੋਂ ਬਾਅਦ ਮੈਂ ਮੁੜ ਆਵਾਂਗਾ । 6 ਤਦ ਫ਼ਿਰਊਨ ਨੇ ਆਖਿਆ, ਜਾ ਅਤੇ ਆਪਣੇ ਪਿਤਾ ਦੀ ਸਹੁੰ ਦੇ ਅਨੁਸਾਰ ਉਸ ਨੂੰ ਦਫ਼ਨਾ ਦੇ । 7 ਇਸ ਲਈ ਯੂਸੁਫ਼ ਆਪਣੇ ਪਿਤਾ ਨੂੰ ਦਫ਼ਨਾਉਣ ਲਈ ਗਿਆ, ਅਤੇ ਉਸ ਦੇ ਨਾਲ ਫ਼ਿਰਊਨ ਦੇ ਸਾਰੇ ਸੇਵਕ, ਉਸ ਦੇ ਘਰਾਣੇ ਦੇ ਸਾਰੇ ਬਜ਼ੁਰਗ ਅਤੇ ਮਿਸਰ ਦੇਸ਼ ਦੇ ਸਾਰੇ ਬਜ਼ੁਰਗ ਗਏ । 8 ਅਤੇ ਯੂਸੁਫ਼ ਦਾ ਸਾਰਾ ਘਰਾਣਾ, ਉਸ ਦੇ ਭਰਾ ਅਤੇ ਉਸ ਦੇ ਪਿਤਾ ਦਾ ਘਰਾਣਾ ਵੀ ਗਏ, ਸਿਰਫ਼ ਉਨ੍ਹਾਂ ਦੇ ਬੱਚੇ, ਇੱਜੜ ਅਤੇ ਚੌਣੇ ਗੋਸ਼ਨ ਦੇਸ਼ ਵਿੱਚ ਰਹਿ ਗਏ । 9 ਉਸ ਦੇ ਨਾਲ ਰਥ ਵੀ ਅਤੇ ਸਵਾਰ ਵੀ ਗਏ ਇਸ ਤਰ੍ਹਾਂ ਵੱਡੀ ਭੀੜ ਹੋ ਗਈ । 10 ਫਿਰ ਉਹ ਆਤਾਦ ਦੇ ਪਿੜ ਤੱਕ ਆਏ ਜਿਹੜਾ ਯਰਦਨ ਪਾਰ ਹੈ, ਉੱਥੇ ਉਨ੍ਹਾਂ ਨੇ ਬਹੁਤ ਜਿਆਦਾ ਅਤੇ ਡਾਢਾ ਵਿਰਲਾਪ ਕੀਤਾ ਅਤੇ ਬਹੁਤ ਰੋਏ, ਉਸ ਨੇ ਆਪਣੇ ਪਿਤਾ ਲਈ ਸੱਤ ਦਿਨ ਤੱਕ ਅਫ਼ਸੋਸ ਕੀਤਾ । 11 ਉਸ ਦੇਸ਼ ਦੇ ਰਹਿਣ ਵਾਲੇ ਕਨਾਨੀਆਂ ਨੇ ਉਸ ਸੋਗ ਨੂੰ ਆਤਾਦ ਦੇ ਪਿੜ ਵਿੱਚ ਵੇਖਿਆ ਤਾਂ ਉਨ੍ਹਾਂ ਨੇ ਆਖਿਆ, ਮਿਸਰੀਆਂ ਦਾ ਇਹ ਭਾਰੀ ਸੋਗ ਹੈ ਇਸ ਕਾਰਨ ਉਸ ਦਾ ਨਾਮ ਆਬੇਲ ਮਿਸਰਾਈਮ ਰੱਖਿਆ ਗਿਆ, ਜਿਹੜਾ ਯਰਦਨ ਪਾਰ ਹੈ । 12 ਉਸ ਦੇ ਪੁੱਤਰਾਂ ਨੇ ਉਸੇ ਤਰ੍ਹਾਂ ਹੀ ਕੀਤਾ ਜਿਵੇਂ ਉਸ ਨੇ ਉਨ੍ਹਾਂ ਨੂੰ ਆਗਿਆ ਦਿੱਤੀ ਸੀ । 13 ਉਸ ਦੇ ਪੁੱਤਰ ਉਹ ਨੂੰ ਕਨਾਨ ਦੇਸ਼ ਵਿੱਚ ਲੈ ਗਏ ਅਤੇ ਉਹ ਨੂੰ ਮਕਫ਼ੀਲਾਹ ਦੀ ਪੈਲੀ ਦੀ ਗੁਫ਼ਾ ਵਿੱਚ ਦਫ਼ਨਾਇਆ, ਜਿਸ ਪੈਲੀ ਨੂੰ ਅਬਰਾਹਾਮ ਨੇ ਅਫਰੋਨ ਹਿੱਤੀ ਤੋਂ ਕਬਰ ਦੀ ਵਿਰਾਸਤ ਲਈ ਮਮਰੇ ਦੇ ਅੱਗੇ ਮੁੱਲ ਲਿਆ ਸੀ ।
ਯੂਸੁਫ਼ ਦਾ ਆਪਣੇ ਭਰਾਵਾਂ ਨੂੰ ਹੌਂਸਲਾ ਦੇਣਾ
14 ਉਪਰੰਤ ਯੂਸੁਫ਼ ਆਪ ਅਤੇ ਉਸ ਦੇ ਭਰਾ ਅਤੇ ਸਭ ਜਿਹੜੇ ਉਸ ਦੇ ਨਾਲ ਉਸ ਦੇ ਪਿਤਾ ਨੂੰ ਦੱਬਣ ਲਈ ਗਏ ਸਨ ਉਸ ਦੇ ਪਿਤਾ ਨੂੰ ਦੱਬਣ ਦੇ ਮਗਰੋਂ ਮਿਸਰ ਨੂੰ ਮੁੜ ਆਏ । 15 ਜਦ ਯੂਸੁਫ਼ ਦੇ ਭਰਾਵਾਂ ਨੇ ਵੇਖਿਆ ਕਿ ਸਾਡਾ ਪਿਤਾ ਮਰ ਗਿਆ ਹੈ ਤਾਂ ਉਨ੍ਹਾਂ ਨੇ ਆਖਿਆ ਕਿ ਸ਼ਾਇਦ ਯੂਸੁਫ਼ ਸਾਡੇ ਨਾਲ ਵੈਰ ਕਰੇਗਾ ਅਤੇ ਉਹ ਸਾਥੋਂ ਸਾਡੀ ਬੁਰਿਆਈ ਦਾ ਬਦਲਾ ਜ਼ਰੂਰ ਲਵੇਗਾ, ਜਿਹੜੀ ਅਸੀਂ ਉਹ ਦੇ ਨਾਲ ਕੀਤੀ ਸੀ । 16 ਉਨ੍ਹਾਂ ਨੇ ਯੂਸੁਫ਼ ਨੂੰ ਇਹ ਸੁਨੇਹਾ ਭੇਜਿਆ, ਕਿ ਤੁਹਾਡੇ ਪਿਤਾ ਨੇ ਆਪਣੀ ਮੌਤ ਤੋਂ ਪਹਿਲਾਂ ਇਹ ਆਗਿਆ ਦਿੱਤੀ ਸੀ, 17 ਯੂਸੁਫ਼ ਨੂੰ ਇਹ ਆਖਣਾ ਕਿ ਕਿਰਪਾ ਕਰ ਕੇ ਆਪਣੇ ਭਰਾਵਾਂ ਦੇ ਅਪਰਾਧ ਅਤੇ ਉਨ੍ਹਾਂ ਦੇ ਪਾਪ ਮਾਫ਼ ਕਰ ਦੇ ਕਿਉਂ ਜੋ ਉਨ੍ਹਾਂ ਨੇ ਤੁਹਾਡੇ ਨਾਲ ਬੁਰਿਆਈ ਕੀਤੀ, ਇਸ ਲਈ ਹੁਣ ਤੁਸੀਂ ਆਪਣੇ ਪਿਤਾ ਦੇ ਪਰਮੇਸ਼ੁਰ ਦੇ ਦਾਸਾਂ ਦੇ ਅਪਰਾਧ ਮਾਫ਼ ਕਰ ਦਿਓ ਤਾਂ ਯੂਸੁਫ਼ ਉਨ੍ਹਾਂ ਦੀਆਂ ਗੱਲਾਂ ਉੱਤੇ ਰੋ ਪਿਆ । 18 ਤਦ ਉਸ ਦੇ ਭਰਾ ਵੀ ਉਸ ਦੇ ਅੱਗੇ ਜਾ ਕੇ ਡਿੱਗ ਪਏ ਅਤੇ ਉਨ੍ਹਾਂ ਆਖਿਆ, ਵੇਖੋ ਅਸੀਂ ਤੁਹਾਡੇ ਦਾਸ ਹਾਂ । 19 ਪਰ ਯੂਸੁਫ਼ ਨੇ ਉਨ੍ਹਾਂ ਨੂੰ ਆਖਿਆ, ਨਾ ਡਰੋ । ਭਲਾ, ਮੈਂ ਪਰਮੇਸ਼ੁਰ ਦੇ ਥਾਂ ਹਾਂ ? 20 ਤੁਸੀਂ ਤਾਂ ਮੇਰੇ ਵਿਰੁੱਧ ਬੁਰਿਆਈ ਦਾ ਮਨ ਬਣਾਇਆ; ਪਰ ਪਰਮੇਸ਼ੁਰ ਨੇ ਉਸ ਨੂੰ ਭਲਿਆਈ ਦਾ ਵਿਚਾਰ ਬਣਾਇਆ ਤਾਂ ਜੋ ਬਹੁਤ ਸਾਰੇ ਲੋਕਾਂ ਨੂੰ ਜੀਉਂਦਾ ਰੱਖੇ, ਜਿਵੇਂ ਇਸ ਵੇਲੇ ਹੋਇਆ ਹੈ । 21 ਹੁਣ ਤੁਸੀਂ ਨਾ ਡਰੋ । ਮੈਂ ਤੁਹਾਡੀ ਅਤੇ ਤੁਹਾਡੇ ਬਾਲ ਬੱਚਿਆਂ ਦੀ ਪਾਲਣਾ ਕਰਾਂਗਾ । ਸੋ ਉਸ ਨੇ ਉਨ੍ਹਾਂ ਨੂੰ ਤਸੱਲੀ ਦਿੱਤੀ ਅਤੇ ਉਨ੍ਹਾਂ ਨੇ ਦਿਲਾਸਾ ਪਾਇਆ ।
ਯੂਸੁਫ਼ ਦੀ ਮੌਤ
22 ਯੂਸੁਫ਼ ਆਪ ਅਤੇ ਉਸ ਦੇ ਪਿਤਾ ਦਾ ਘਰਾਣਾ ਮਿਸਰ ਦੇਸ਼ ਵਿੱਚ ਵੱਸਿਆ ਅਤੇ ਯੂਸੁਫ਼ ਇੱਕ ਸੌ ਦਸ ਸਾਲਾਂ ਤੱਕ ਜੀਉਂਦਾ ਰਿਹਾ । 23 ਯੂਸੁਫ਼ ਨੇ ਇਫ਼ਰਾਈਮ ਦੇ ਪੁੱਤਰਾਂ ਨੂੰ ਤੀਜੀ ਪੀੜ੍ਹੀ ਤੱਕ ਵੇਖਿਆ ਅਤੇ ਮਨੱਸ਼ਹ ਦੇ ਪੁੱਤਰ ਮਾਕੀਰ ਦੇ ਬੱਚਿਆਂ ਨੂੰ ਵੀ, ਯੂਸੁਫ਼ ਨੇ ਉਹਨਾਂ ਨੂੰ ਗੋਦ ਵਿੱਚ ਲਿਆ । 24 ਯੂਸੁਫ਼ ਨੇ ਆਪਣੇ ਭਰਾਵਾਂ ਨੂੰ ਆਖਿਆ, ਮੈਂ ਮਰਨ ਵਾਲਾ ਹਾਂ ਪਰ ਪਰਮੇਸ਼ੁਰ ਜ਼ਰੂਰ ਤੁਹਾਡਾ ਧਿਆਨ ਰੱਖੇਗਾ ਅਤੇ ਉਹ ਤੁਹਾਨੂੰ ਉਸ ਦੇਸ਼ ਵਿੱਚ ਲੈ ਜਾਵੇਗਾ, ਜਿਸ ਦੀ ਸਹੁੰ ਉਸ ਨੇ ਅਬਰਾਹਾਮ ਅਤੇ ਇਸਹਾਕ ਅਤੇ ਯਾਕੂਬ ਨਾਲ ਖਾਧੀ ਸੀ । 25 ਤਦ ਯੂਸੁਫ਼ ਨੇ ਇਸਰਾਏਲ ਦੇ ਪੁੱਤਰਾਂ ਤੋਂ ਇਹ ਸਹੁੰ ਲਈ ਕਿ ਪਰਮੇਸ਼ੁਰ ਜ਼ਰੂਰ ਤੁਹਾਡਾ ਧਿਆਨ ਰੱਖੇਗਾ ਅਤੇ ਤੁਸੀਂ ਮੇਰੀਆਂ ਹੱਡੀਆਂ ਉਸ ਦੇਸ਼ ਵਿੱਚ ਲੈ ਜਾਣਾ । 26 ਯੂਸੁਫ਼ ਇੱਕ ਸੌ ਦਸ ਸਾਲਾਂ ਦਾ ਹੋ ਕੇ ਮਰ ਗਿਆ ਅਤੇ ਉਨ੍ਹਾਂ ਨੇ ਉਸ ਵਿੱਚ ਸੁਗੰਧੀਆਂ ਭਰੀਆਂ ਅਤੇ ਉਹ ਮਿਸਰ ਵਿੱਚ ਇੱਕ ਸੰਦੂਕ ਵਿੱਚ ਰੱਖਿਆ ਗਿਆ ।