GENESIS
ਉਤਪਤ
ਭੂਮਿਕਾ
ਉਤਪਤ ਨਾਮ ਦਾ ਅਰਥ ਹੈ “ਸ਼ੁਰੂਆਤ” । ਜਗਤ ਦੀ ਸਿਰਜਣਾ, ਮਨੁੱਖ ਜਾਤੀ ਦੀ ਉਤਪਤੀ, ਇਸ ਸੰਸਾਰ ਦੇ ਵਿੱਚ ਪਾਪ ਅਤੇ ਦੁੱਖ ਦੀ ਸ਼ੁਰੂਆਤ ਅਤੇ ਮਨੁੱਖ ਜਾਤੀ ਦੇ ਨਾਲ ਪਰਮੇਸ਼ੁਰ ਦੇ ਵਿਹਾਰ ਦਾ ਵਰਣਨ ਇਸ ਪੁਸਤਕ ਦੇ ਵਿੱਚ ਮਿਲਦਾ ਹੈ । ਉਤਪਤ ਨੂੰ ਮੁੱਖ ਦੋ ਭਾਗਾਂ ਦੇ ਵਿੱਚ ਵੰਡਿਆ ਜਾ ਸਕਦਾ ਹੈ । (1) ਅਧਿਆਏ 1 - 11 ਵਿੱਚ ਜਗਤ ਦੀ ਸਿਰਜਣਾ ਅਤੇ ਮਨੁੱਖ ਜਾਤੀ ਦਾ ਮੁੱਢਲਾ ਇਤਿਹਾਸ ਹੈ । ਇਸ ਵਿੱਚ ਆਦਮ ਅਤੇ ਹੱਵਾਹ, ਕਾਇਨ ਅਤੇ ਹਾਬਲ, ਨੂਹ ਅਤੇ ਜਲ ਪਰਲੋ ਅਤੇ ਬਾਬੁਲ ਦੇ ਬੁਰਜ ਦਾ ਵਰਣਨ ਮਿਲਦਾ ਹੈ । (2) ਅਧਿਆਏ 12 – 50 ਇਸਰਾਏਲੀਆਂ ਦੇ ਪਹਿਲੇ ਪੂਰਵਜਾਂ ਦਾ ਇਤਿਹਾਸ । ਇਸ ਵਿੱਚ ਪਹਿਲਾ ਅਬਰਾਹਾਮ ਹੈ ਜੋ ਪਰਮੇਸ਼ੁਰ ਉੱਤੇ ਆਪਣੇ ਵਿਸ਼ਵਾਸ ਅਤੇ ਉਸ ਦੀ ਆਗਿਆਕਾਰੀ ਕਰਨ ਦੇ ਲਈ ਪ੍ਰਸਿਧ ਸੀ । ਉਸ ਤੋਂ ਬਾਅਦ ਉਸ ਦੇ ਪੁੱਤਰ ਇਸਹਾਕ ਅਤੇ ਉਸ ਦੇ ਪੋਤੇ ਯਾਕੂਬ (ਜਿਸ ਨੂੰ ਇਸਰਾਏਲ ਕਿਹਾ ਜਾਂਦਾ ਹੈ) ਦਾ ਵਰਣਨ ਹੈ; ਫਿਰ ਯਾਕੂਬ ਦੇ ਬਾਰ੍ਹਾਂ ਪੁੱਤਰਾਂ ਦਾ ਵਰਣਨ ਹੈ, ਜੋ ਇਸਰਾਏਲ ਦੇ ਬਾਰ੍ਹਾਂ ਗੋਤਾਂ ਦੇ ਸੰਸਥਾਪਕ ਹੋਏ । ਇਸ ਵਿੱਚ ਉਸ ਦੇ ਇੱਕ ਪੁੱਤਰ ਯੂਸੁਫ਼ ਅਤੇ ਉਨ੍ਹਾਂ ਘਟਨਾਵਾਂ ਦੇ ਉੱਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ ਜਿਸ ਦੇ ਕਾਰਨ ਯੂਸੁਫ਼ ਦੇ ਭਰਾ ਆਪਣੇ ਪਰਿਵਾਰਾਂ ਸਮੇਤ ਮਿਸਰ ਦੇ ਵਿੱਚ ਰਹਿਣ ਦੇ ਲਈ ਆਏ ।
ਜਦ ਕਿ ਇਹ ਪੁਸਤਕ ਲੋਕਾਂ ਦੇ ਬਾਰੇ ਦੱਸਦੀ ਹੈ, ਫਿਰ ਵੀ ਇਹ ਮੁੱਖ ਰੂਪ ਦੇ ਵਿੱਚ ਪਰਮੇਸ਼ੁਰ ਦੇ ਕੰਮਾਂ ਦਾ ਵਰਣਨ ਕਰਦੀ ਹੈ । ਇਸ ਦਾ ਅਰੰਭ ਇਸ ਤੋਂ ਹੁੰਦਾ ਹੈ ਕਿ ਪਰਮੇਸ਼ੁਰ ਨੇ ਜਗਤ ਦੀ ਸਿਰਜਣਾ ਕੀਤੀ ਅਤੇ ਅੰਤ ਇਸ ਵਾਅਦੇ ਦੇ ਨਾਲ ਹੁੰਦਾ ਹੈ ਕਿ ਪਰਮੇਸ਼ੁਰ ਆਪਣੇ ਲੋਕਾਂ ਦੀ ਚਿੰਤਾ ਕਰਦਾ ਰਹੇਗਾ । ਉਤਪਤ ਦੇ ਅਰੰਭ ਤੋਂ ਲੈ ਕੇ ਅੰਤ ਤੱਕ ਮੁੱਖ ਪਾਤਰ ਪਰਮੇਸ਼ੁਰ ਹੈ, ਜੋ ਬੁਰਾਈ ਕਰਨ ਵਾਲਿਆਂ ਨੂੰ ਦੋਸ਼ੀ ਠਹਿਰਾਉਂਦਾ ਹੈ ਅਤੇ ਉਨ੍ਹਾਂ ਨੂੰ ਸਜ਼ਾ ਦਿੰਦਾ ਹੈ; ਉਹ ਆਪਣੇ ਲੋਕਾਂ ਦੀ ਅਗਵਾਈ ਅਤੇ ਸਹਾਇਤਾ ਕਰਦਾ ਹੈ । ਇਹ ਪ੍ਰਾਚੀਨ ਪੁਸਤਕ ਇੱਕ ਜਾਤੀ ਦੇ ਵਿਸ਼ਵਾਸ ਦਾ ਵਰਣਨ ਕਰਨ ਅਤੇ ਉਸ ਵਿਸ਼ਵਾਸ ਨੂੰ ਬਣਾਈ ਰੱਖਣ ਦੇ ਲਈ ਸਹਾਇਤਾ ਕਰਨ ਦੇ ਲਈ, ਲਿਖੀ ਗਈ ਸੀ ।
ਰੂਪ-ਰੇਖਾ:
ਜਗਤ ਅਤੇ ਮਨੁੱਖ ਜਾਤੀ ਦੀ ਸਿਰਜਣਾ 1:1 - 2:25
ਪਾਪ ਅਤੇ ਦੁੱਖ ਦਾ ਅਰੰਭ 3:1 - 24
ਆਦਮ ਤੋਂ ਨੂਹ ਤੱਕ 4:1 - 5:32
ਨੂਹ ਅਤੇ ਜਲ ਪਰਲੋ 6:1 – 10:32
ਬਾਬਲ ਦਾ ਬੁਰਜ 11:1-9
ਸ਼ੇਮ ਤੋਂ ਅਬਰਾਹਾਮ ਤੱਕ 11:10-32
ਕੁਲਪਤੀ: ਅਬਰਾਹਾਮ, ਇਸਹਾਕ ਅਤੇ ਯਾਕੂਬ 12:135:29
ਏਸਾਓ ਦੀ ਵੰਸ਼ਾਵਲੀ 36:1 - 43
ਯੂਸੁਫ਼ ਅਤੇ ਉਸ ਦੇ ਭਰਾ 37:1 – 45:28
ਮਿਸਰ ਦੇਸ਼ ਵਿੱਚ ਇਸਰਾਏਲੀ 46:1 – 50:26